1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਕੈਨੇਡੀਅਨ ਪੀਆਰ ਲਈ CRS ਡਰਾਅ ਬਹੁਤ ਉੱਪਰ ਜਾਣ ਕਰਕੇ ਕੁਝ ਪਰਵਾਸੀਆਂ ਨੂੰ ਆਪਣੇ ਪੱਕੇ ਹੋਣ ਦੀ ਚਿੰਤਾ

ਹਾਲੀਆ CRS ਸਕੋਰ 529 'ਤੇ ਪਹੁੰਚਿਆ

ਕਨਿਕਾ ਦਾ ਵਰਕ ਪਰਮਿਟ ਅਗਸਤ ਵਿਚ ਐਕਸਪਾਇਰ ਹੋ ਰਹੈ ਅਤੇ ਉਸਨੂੰ ਅਜੇ ਤੱਕ ਪੀ ਆਰ ਲਈ ਸੱਦਾ ਪੱਤਰ ਨਹੀਂ ਮਿਲ ਸਕਿਆ ਹੈ।

ਕਨਿਕਾ ਦਾ ਵਰਕ ਪਰਮਿਟ ਅਗਸਤ ਵਿਚ ਐਕਸਪਾਇਰ ਹੋ ਰਹੈ ਅਤੇ ਉਸਨੂੰ ਅਜੇ ਤੱਕ ਪੀ ਆਰ ਲਈ ਸੱਦਾ ਪੱਤਰ ਨਹੀਂ ਮਿਲ ਸਕਿਆ ਹੈ।

ਤਸਵੀਰ: (Saloni Bhugra/CBC)

RCI

ਕਨਿਕਾ ਮਹੇਸ਼ਵਰੀ 2020 ਵਿਚ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਲਈ ਭਾਰਤ ਤੋਂ ਬ੍ਰੈਂਪਟਨ ਪਹੁੰਚੀ ਸੀ। ਉਸਦf ਸੁਪਨਾ ਆਪਣਾ ਖ਼ੁਦ ਦਾ ਜਯੂਲਰੀ ਸਟੋਰ ਖੋਲਣਾ ਹੈ।

ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕਨਿਕਾ ਇੱਕ ਲੌਜਿਸਟਿਕਸ ਕੰਪਨੀ ਵਿਚ ਸੇਲਜ਼ ਐਗਜ਼ੈਕਟਿਵ ਦੀ ਨੌਕਰੀ ਕਰ ਰਹੀ ਹੈ। 29 ਸਾਲ ਦੀ ਕਨਿਕਾ ਦਾ ਪਤੀ ਇੱਕ ਟ੍ਰੈਡਰ ਹੈ ਅਤੇ ਦੋਵੇਂ ਪਤੀ ਪਤਨੀ ਕੈਨੇਡਾ ਵਿਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਅਤੇ ਜਯੂਲਰੀ ਸਟੋਰ ਖੋਲ੍ਹਣ ਲਈ ਬੱਚਤ ਕਰ ਰਹੇ ਹਨ।

ਪਰ ਕਨਿਕਾ ਦਾ ਕਹਿਣਾ ਹੈ ਕਿ ਉਸਦਾ ਸੁਪਨਾ ਹੁਣ ਪੂਰਾ ਹੁੰਦਾ ਪ੍ਰਤੀਤ ਨਹੀਂ ਹੁੰਦਾ ਕਿਉਂਕਿ ਅਗਸਤ ਵਿਚ ਉਸਦਾ ਵਰਕ ਪਰਮਿਟ ਖ਼ਤਮ ਹੋ ਰਿਹਾ ਹੈ ਅਤੇ ਉਸਦੀ ਪੀ ਆਰ ਅਰਜ਼ੀ ‘ਤੇ ਅਜੇ ਕੋਈ ਕਾਰਵਾਈ ਨਹੀਂ ਹੋਈ ਹੈ। ਕਨਿਕਾ ਨੇ ਪਿਛਲੇ ਸਾਲ ਪੀਆਰ ਲਈ ਅਪਲਾਈ ਕੀਤਾ ਸੀ। ਪਰ ਸੀਆਰਐਸ (Comprehensive Ranking System) ਅੰਕ ਖ਼ਾਸਾ ਉੱਪਰ ਜਾਣ ਕਰਕੇ ਉਸਦੇ ਅੰਕ ਵਾਲਿਆਂ ਨੂੰ ਪੀਆਰ ਦਾ ਸੱਦਾ ਪੱਤਰ ਨਹੀਂ ਆ ਰਿਹਾ।

ਇੱਕ ਇਮੀਗ੍ਰੇਸ਼ਨ ਕੰਸਲਟੈਂਟ ਦਾ ਕਹਿਣਾ ਹੈ ਕਿ ਰਿਕਾਰਡ ਗਿਣਤੀ ਵਿਚ ਬਿਨੈਕਾਰਾਂ ਵੱਲੋਂ ਉੱਚ ਅੰਕਾਂ ਨਾਲ ਪੀ ਆਰ ਦੀਆਂ ਅਰਜ਼ੀਆਂ ਦਿੱਤੇ ਜਾਣ ਕਰਕੇ ਇਹ ਡਰਾਅ ਉੱਪਰ ਵੱਲ ਨੂੰ ਜਾ ਰਿਹਾ ਹੈ।

ਕੈਨੇਡਾ ਨੇ 2022 ਵਿਚ ਰਿਕਾਰਡ 430,000 ਪੀਆਰ ਅਰਜ਼ੀਆਂ ਨੂੰ ਸਵੀਕਾਰ ਕੀਤਾ ਸੀ।

CRS ਇੱਕ ਰੈਂਕਿੰਗ ਪ੍ਰਣਾਲੀ ਹੈ ਜਿਸਦੀ ਵਰਤੋਂ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੁਆਰਾ ਉਮਰ, ਸਿੱਖਿਆ ਦੇ ਪੱਧਰ, ਅੰਗਰੇਜ਼ੀ ਵਿੱਚ ਮੁਹਾਰਤ ਅਤੇ ਕੰਮ ਦੇ ਤਜਰਬੇ ਵਰਗੇ ਪਹਿਲੂਆਂ ਦਾ ਮੁਲਾਂਕਣ ਕਰਦੇ ਹੋਏ, ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦੇਣ ਵਾਲੇ ਪਰਵਾਸੀਆਂ ਨੂੰ ਅੰਕ ਦੇਣ ਲਈ ਕੀਤੀ ਜਾਂਦੀ ਹੈ। 

ਹਰ ਦੋ ਹਫ਼ਤਿਆਂ ਬਾਅਦ, IRCC ਇੱਕ CRS ਰੈਂਕ ਕੱਢਦਾ ਹੈ ਅਤੇ ਉਸ ਜਾਂ ਉਸ ਤੋਂ ਵੱਧ ਸਕੋਰ ਵਾਲੇ ਬਿਨੈਕਾਰਾਂ ਨੂੰ ਪੀਆਰ ਕਾਰਡ ਪ੍ਰਾਪਤ ਕਰਨ ਲਈ ਦਸਤਾਵੇਜ਼ ਜਮ੍ਹਾ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

IRCC ਦੀ ਵੈੱਬਸਾਈਟ ਦੇ ਅਨੁਸਾਰ, ਜਨਰਲ ਵਰਗ ਲਈ ਇਸ ਸਾਲ ਜਨਵਰੀ ਤੋਂ ਹੁਣ ਤੱਕ ਦੇ ਸਾਰੇ ਡਰਾਅ ਔਸਤਨ 540 ਤੋਂ ਵੱਧ ਰਹੇ ਹਨ।

ਸੀਬੀਸੀ ਨਿਊਜ਼ ਨੇ ਹਿਸਾਬ ਲਗਾਇਆ ਕਿ 25 ਸਾਲ ਦੀ ਉਮਰ ਦੇ ਇੱਕ ਬੈਨਕਾਰ, ਜਿਸ ਕੋਲ ਕੈਨੇਡੀਅਨ ਬੈਚਲਰ ਡਿਗਰੀ ਹੋਵੇ, ਇੱਕ ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਹੋਵੇ, ਅਤੇ ਅੰਗ੍ਰੇਜ਼ੀ ਦੀ ਸਿਖਰਲੀ ਮਹਾਰਤ ਹੋਵੇ, ਉਸਦਾ ਅੰਤਮ ਸਕੋਰ 474 ਬਣਦਾ ਹੈ। ਜੇ ਇੱਕ ਸਾਲ ਦਾ ਤਜਰਬਾ ਹੋਰ ਜੋੜੋ ਤਾਂ ਸਕੋਰ 499 ਬਣਦਾ ਹੈ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸੀਬੀਸੀ ਨਿਊਜ਼ ਨੇ ਹਿਸਾਬ ਲਗਾਇਆ ਕਿ 25 ਸਾਲ ਦੀ ਉਮਰ ਦੇ ਇੱਕ ਬੈਨਕਾਰ, ਜਿਸ ਕੋਲ ਕੈਨੇਡੀਅਨ ਬੈਚਲਰ ਡਿਗਰੀ ਹੋਵੇ, ਇੱਕ ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਹੋਵੇ, ਅਤੇ ਅੰਗ੍ਰੇਜ਼ੀ ਦੀ ਸਿਖਰਲੀ ਮਹਾਰਤ ਹੋਵੇ, ਉਸਦਾ ਅੰਤਮ ਸਕੋਰ 474 ਬਣਦਾ ਹੈ। ਜੇ ਇੱਕ ਸਾਲ ਦਾ ਤਜਰਬਾ ਹੋਰ ਜੋੜੋ ਤਾਂ ਸਕੋਰ 499 ਬਣਦਾ ਹੈ।

ਤਸਵੀਰ: CBC

ਬ੍ਰੈਂਪਟਨ ਦੇ ਇੱਕ ਇਮੀਗ੍ਰੇਸ਼ਨ ਕੰਸਲਟੈਂਟ, ਮਨਨ ਗੁਪਤਾ ਨੇ ਕਿਹਾ, ਇਹ ਬਹੁਤ ਹੀ ਜ਼ਿਆਦਾ ਹੈ। ਇਸਨੂੰ ਹਾਸਲ ਕਰਨਾ ਨਾਮੁਮਕਿਨ ਹੈ, ਇਹ ਬਹੁਤ ਹੀ ਵਿਲੱਖਣ ਹੈ

ਮਨਨ ਗੁਪਤਾ ਨੇ ਕਿਹਾ ਕਿ ਜ਼ਿਆਦਾਤਰ ਪੋਸਟ ਗ੍ਰੈਜੁਏਟ ਵਰਕ ਪਰਮਿਟ ਧਾਰਕ ਇਸ ਵੇਲੇ ਇਸ ਮਾਪਦੰਡ ਨੂੰ ਪੂਰਾ ਨਹੀਂ ਕਰਦੇ।

ਉੱਚੇ ਸਕੋਰ ਉਸ ਵੇਲੇ ਆ ਰਹੇ ਹਨ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ 2023 ਵਿਚ ਖ਼ਤਮ ਹੋਣ ਵਾਲੇ ਵਰਕ ਪਰਮਿਟਾਂ ਦੀ ਮਿਆਦ ਵਧਾਈ ਨਹੀਂ ਜਾਵੇਗੀ। ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਵਰਕਰਾਂ ਵੱਜੋਂ ਬਰਕਰਾਰ ਰੱਖਣ ਲਈ ਸਰਕਾਰ ਨੇ ਅਸਥਾਈ ਵਾਧੇ ਦਿੱਤੇ ਸਨ, ਪਰ ਦਸੰਬਰ ਵਿਚ ਮਿਲਰ ਨੇ ਇਸ ਅਸਥਾਈ ਵਾਧੇ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਸੀ।

ਮਨਨ ਦਾ ਕਹਿਣਾ ਹੈ ਕਿ ਇਸ ਨਾਲ ਹਜ਼ਾਰਾਂ ਵਰਕਰਾਂ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੇ ਇਹ ਬੰਦੇ ਅਚਾਨਕ ਕੈਨੇਡੀਅਨ ਲੇਬਰ ਮਾਰਕੀਟ ਤੋਂ ਬਾਹਰ ਹੋ ਗਏ ਤਾਂ ਸਾਡੇ ਕੋਲ ਇਸ ਪਾੜੇ ਦੀ ਭਰਪਾਈ ਲਈ ਹੋਰ ਲੋਕ ਨਹੀਂ ਹੋਣਗੇ।

IRCC ਦੇ ਅੰਕੜਿਆਂ ਅਨੁਸਾਰ, ਕੈਨੇਡਾ ਵਿੱਚ 2022 ਵਿੱਚ 286,000 PGWP ਧਾਰਕ ਸਨ - 2019 ਤੋਂ ਬਾਅਦ ਹਰ ਸਾਲ ਇੰਨੇ ਹੀ ਵਰਕ ਪਰਮਿਟ ਜਾਰੀ ਕੀਤੇ ਗਏ ਹਨ - ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਓਨਟੇਰਿਓ ਵਿੱਚ ਕੰਮ ਕਰਨ ਦਾ ਇਰਾਦਾ ਰੱਖਦੇ ਹਨ।

ਕੁਝ ਸ਼੍ਰੇਣੀਆਂ ਨੂੰ ਤਰਜੀਹ

ਪਿਛਲੇ ਸਾਲ ਜੁਲਾਈ ਵਿੱਚ ਮਿਲਰ ਦੇ ਇਮੀਗ੍ਰੇਸ਼ਨ ਮੰਤਰੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਨੀਤੀ ਵਿੱਚ ਕਈ ਬਦਲਾਅ ਹੋਏ ਹਨ। ਉਨ੍ਹਾਂ ਵਿੱਚੋਂ ਇੱਕ 2026 ਤੱਕ ਦੇਸ਼ ਵਿੱਚ ਨਵੇਂ ਪੀਆਰ ਦੀ ਟੀਚਾ ਸੰਖਿਆ ਨੂੰ 500,000 ਦੇ ਕਰੀਬ ਬਣਾਈ ਰੱਖਣਾ ਸੀ।

ਹਾਲਾਂਕਿ, ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਛੇ ਤਰਜੀਹੀ ਸ਼੍ਰੇਣੀਆਂ ਹਨ: STEM (ਵਿਗਿਆਨ, ਟੈਕਨੋਲੌਜੀ, ਇੰਜੀਨਰਿੰਗ, ਗਣਿਤ), ਖੇਤੀਬਾੜੀ, ਸਿਹਤ ਸੰਭਾਲ, ਆਵਾਜਾਈ, ਵਪਾਰ ਅਤੇ ਫ਼੍ਰੈਂਚ ਬੋਲਣ ਵਾਲੇ ਕਾਮੇ।

ਪਰ ਫ਼ੈਡਰਲ ਅੰਕੜਿਆਂ ਦੇ ਸੀਬੀਸੀ ਨਿਊਜ਼ ਵੱਲੋਂ ਕੀਤੇ ਵਿਸ਼ਲੇਸ਼ਣ ਅਨੁਸਾਰ, ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਮੁਲਕ ਵਿਚ ਕਾਮਿਆਂ ਦੀ ਘਾਟ ਨਾਲ ਮੇਲ ਨਹੀਂ ਖਾਂਦੇ। ਕੈਨੇਡਾ ਨੇ 2018 ਅਤੇ 2023 ਦੇ ਵਿਚਕਾਰ ਬਿਜ਼ਨਸ ਪ੍ਰੋਗਰਾਮਾਂ ਵਿੱਚ ਲਗਭਗ 800,000 ਵਿਦਿਆਰਥੀਆਂ ਨੂੰ ਸਵੀਕਾਰ ਕੀਤਾ, ਜਦ ਕਿ ਹੈਲਥ ਕੇਅਰ ਵਿਚ 113,000 ਅਤੇ ਹੋਰ ਟ੍ਰੇਡਜ਼ ਵਿਚ 36,000 ਵਿਦਿਆਰਥੀਆਂ ਨੇ ਦਾਖ਼ਲਾ ਲਿਆ।

ਬ੍ਰੈਂਪਟਨ ਵਿੱਖੇ ਇਮੀਗ੍ਰੇਸ਼ਨ ਕੰਸਲਟੈਂਟ ਮਨਨ ਗੁਪਤਾ ਦਾ ਕਹਿਣਾ ਹੈ ਕਿ CRS ਸਕੋਰ ਇਸ ਪੱਧਰ 'ਤੱਕ ਉੱਪਰ ਜਾਣ ਕਰਕੇ ਹਜ਼ਾਰਾਂ ਵਰਕਰਾਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ।

ਬ੍ਰੈਂਪਟਨ ਵਿੱਖੇ ਇਮੀਗ੍ਰੇਸ਼ਨ ਕੰਸਲਟੈਂਟ ਮਨਨ ਗੁਪਤਾ ਦਾ ਕਹਿਣਾ ਹੈ ਕਿ CRS ਸਕੋਰ ਇਸ ਪੱਧਰ 'ਤੱਕ ਉੱਪਰ ਜਾਣ ਕਰਕੇ ਹਜ਼ਾਰਾਂ ਵਰਕਰਾਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ।

ਤਸਵੀਰ: (Saloni Bhugra/CBC)

ਮਨਨ ਗੁਪਤਾ ਨੇ ਕਿਹਾ, ਕਿਸੇ ਅਜਿਹੇ ਵਿਅਕਤੀ ਲਈ ਜਿਸ ਨੇ ਆਪਣੀ ਸਿਖਰ ਜਵਾਨੀ ਦੇ ਪੰਜ-ਛੇ ਸਾਲ ਕੈਨੇਡਾ ਨੂੰ ਦਿੱਤੇ ਹੋਣ, ਹੁਣ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੋਵੇ ਕਿ ਤੁਸੀਂ ਵਾਪਸ ਮੁੜ ਜਾਓ ਅਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰੋ। ਕੈਨੇਡਾ ਉਨ੍ਹਾਂ 'ਤੇ ਦਰਵਾਜ਼ੇ ਬੰਦ ਕਰ ਰਿਹਾ ਹੈ

ਤੁਹਾਨੂੰ ਨਹੀਂ ਪਤਾ ਕਿ ਇੱਥੇ ਕੀ ਭਵਿੱਖ ਹੈ। ਇਹ ਅੱਗੇ ਖੂਹ ਪਿੱਛੇ ਖਾਈ ਵਾਲੀ ਗੱਲ ਹੈ

ਕਨਿਕਾ ਭਾਰਤ ਵਿਚ ਆਪਣੇ ਪਰਿਵਾਰ ਦੀ ਵਿੱਤੀ ਮਦਦ ਵੀ ਕਰਦੀ ਹੈ। ਉਸਦਾ ਪਤੀ ਸਪਾਊਜ਼ਲ ਵਰਕ ਪਰਮਿਟ ‘ਤੇ ਹੈ, ਜਿਸ ਦਾ ਮਤਲਬ ਹੈ ਕਿ ਜੇ ਕਨਿਕਾ ਜਾਂਦੀ ਹੈ ਤਾਂ ਉਸਦੇ ਪਤੀ ਨੂੰ ਵੀ ਭਾਰਤ ਮੁੜਨਾ ਪਵੇਗਾ।

ਹੁਣ ਇਹ ਜੋੜਾ ਪੀਆਰ ਦੇ ਹੋਰ ਵਿਕਲਪ ਤਲਾਸ਼ਣ ਬਾਬਤ ਵਕੀਲ ਦੀ ਫ਼ੀਸ ਲਈ 30,000 ਡਾਲਰ ਦਾ ਪ੍ਰਬੰਧ ਕਰ ਰਿਹਾ ਹੈ, ਜਿਸ ਲਈ ਇਨ੍ਹਾਂ ਨੂੰ ਓਵਰਟਾਈਮ ਕੰਮ ਕਰਨਾ ਪੈ ਰਿਹੈ।

ਮਨਨ ਗੁਪਤਾ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਜੋ LMIA ਜਾਂ ਸੂਬਾਈ ਨੌਮੀਨੇਸ਼ਨ ਪ੍ਰੋਗਰਾਮ ਰਾਹੀਂ ਪੀਆਰ ਲੈਣ ਲਈ ਵਕੀਲਾਂ ਦਾ ਸਹਾਰਾ ਲੈਕੇ ਹਜ਼ਾਰਾਂ ਡਾਲਰ ਖ਼ਰਚ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜੇ ਸਰਕਾਰ ਹੁਨਰਮੰਦ ਕਾਮੇ ਚਾਹੁੰਦੀ ਹੈ, ਤਾਂ ਉਸਨੂੰ ਅਜਿਹੇ ਪ੍ਰੋਗਰਾਮਾਂ ਨੂੰ ਬੰਦ ਕਰਨਾ ਹੋਵੇਗਾ ਜਿਹੜੇ ਵਿਦਿਆਰਥੀਆਂ ਨੂੰ ਆਕਰਸ਼ਤ ਤਾਂ ਕਰਦੇ ਹਨ, ਪਰ ਕਾਮਿਆਂ ਦੀ ਘਾਟ ਦੇ ਪਾੜੇ ਨੂੰ ਨਹੀਂ ਭਰਦੇ।

ਸਲੋਨੀ ਭੁਗਰਾ - ਸੀਬੀਸੀ
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ