1. ਮੁੱਖ ਪੰਨਾ
  2. ਸਮਾਜ

ਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ: ਪੁਲਿਸ ਰਿਲੀਜ਼

ਸੋਮਵਾਰ ਨੂੰ ਵਾਪਰੇ ਘਾਤਕ ਸੜਕ ਹਾਦਸੇ ਵਿਚ 3 ਮਹੀਨੇ ਦਾ ਬੱਚਾ ਵੀ ਮਾਰਿਆ ਗਿਆ ਸੀ

ਸੋਮਵਾਰ ਨੂੰ ਹਾਈਵੇਅ 401 'ਤੇ ਵਾਪਰੇ ਸੜਕ ਹਾਦਸੇ ਵਿਚ ਛੇ ਵਾਹਨ ਸ਼ਾਮਲ ਸਨ। ਇਸ ਹਾਦਸੇ ਵਿਚ ਤਿੰਨ ਸਾਲ ਦੇ ਬੱਚੇ ਸਣੇ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਸੀ।

ਸੋਮਵਾਰ ਨੂੰ ਹਾਈਵੇਅ 401 'ਤੇ ਵਾਪਰੇ ਸੜਕ ਹਾਦਸੇ ਵਿਚ ਛੇ ਵਾਹਨ ਸ਼ਾਮਲ ਸਨ। ਇਸ ਹਾਦਸੇ ਵਿਚ ਤਿੰਨ ਸਾਲ ਦੇ ਬੱਚੇ ਸਣੇ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਸੀ।

ਤਸਵੀਰ: (Patrick Morrell/CBC)

RCI

ਓਨਟੇਰਿਓ ਦੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ (SIU) ਨੇ ਹਾਈਵੇ  401 ‘ਤੇ ਹੋਏ ਘਾਤਕ ਕ੍ਰੈਸ਼ ਦੇ ਕੁਝ ਹੋਰ ਵੇਰਵੇ ਜਾਰੀ ਕੀਤੇ ਹਨ।

ਵੀਰਵਾਰ ਨੂੰ ਜਾਰੀ ਜਾਣਕਾਰੀ ਵਿਚ ਏਜੰਸੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਹੋਇਆ ਸੀ। ਮ੍ਰਿਤਕ ਬਜ਼ੁਰਗ ਦੀ ਉਮਰ 60 ਸਾਲ ਅਤੇ ਔਰਤ ਦੀ ਉਮਰ 55 ਸਾਲ ਦੱਸੀ ਗਈ ਹੈ। ਇਸ ਸੜਕ ਹਾਦਸੇ ਵਿਚ ਤਿੰਨ ਮਹੀਨੇ ਦੇ ਇੱਕ ਬੱਚੇ ਦੀ ਵੀ ਮੌਤ ਹੋ ਗਈ ਸੀ।

ਪੁਲਿਸ ਵੱਲੋਂ ਮ੍ਰਿਤਕਾਂ ਜਾਂ ਜ਼ਖ਼ਮੀਆਂ ਦੇ ਨਾਂ ਨਸ਼ਰ ਨਹੀਂ ਕੀਤੇ ਗਏ ਹਨ।

ਬੱਚੇ ਦਾ 33 ਸਾਲ ਦਾ ਪਿਤਾ ਅਤੇ 27 ਸਾਲ ਦੀ ਮਾਂ ਵੀ ਇਸ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਹਨ। ਇਹ ਪਰਿਵਾਰ ਓਨਟੇਰਿਓ ਦੇ ਏਜੈਕਸ ਦਾ ਰਹਿਣ ਵਾਲਾ ਹੈ। ਪੁਲਿਸ ਰਿਲੀਜ਼ ਅਨੁਸਾਰ, ਬੱਚਾ, ਮਾਂਪੇ ਅਤੇ ਦਾਦਾ-ਦਾਦੀ ਇੱਕੋ ਕਾਰ ਵਿਚ ਮੌਜੂਦ ਸਨ।

ਇਹ ਘਾਤਕ ਸੜਕ ਹਾਦਸਾ ਪੁਲਿਸ ਵੱਲੋਂ ਇੱਕ ਕਾਰ ਦਾ ਪਿੱਛਾ ਕੀਤੇ ਜਾਣ ਦਾ ਨਤੀਜਾ ਸੀ, ਜੋ ਕਿ ਓਨਟੇਰਿਓ ਦੇ ਕਲੇਰਿੰਗਟਨ ਵਿਚ ਪੈਂਦੇ ਬੋਮੈਨਵਿਲ ਵਿੱਖੇ ਇੱਕ ਸ਼ਰਾਬ ਸਟੋਰ ਦੀ ਕਥਿਤ ਲੁੱਟ ਨਾਲ ਸ਼ੁਰੂ ਹੋਈ ਸੀ। ਪੁਲਿਸ ਨੇ ਸ਼ੱਕੀ ਵਿਅਕਤੀ ਦਾ ਪਿੱਛਾ ਕੀਤਾ ਜੋਕਿ ਟੋਰੌਂਟੋ ਤੋਂ ਲਗਭਗ 50 ਕਿਲੋਮੀਟਰ ਪੂਰਬ, ਵਿਟਬੀ ਵਿੱਚ ਹਾਈਵੇਅ 401 'ਤੇ ਉਲਟੇ ਪਾਸੇ ਗੱਡੀ ਚਲਾ ਰਿਹਾ ਸੀ।

SIU ਦੇ ਅਨੁਸਾਰ ਪੁਲਿਸ ਵੱਲੋਂ ਕੀਤਾ ਜਾ ਰਿਹਾ ਪਿੱਛਾ ਇੱਕ ਘਾਤਕ ਟੱਕਰ ਦੇ ਰੂਪ ਵਿੱਚ ਖ਼ਤਮ ਹੋਇਆ ਜਿਸ ਵਿੱਚ ਘੱਟੋ ਘੱਟ ਛੇ ਵਾਹਨ ਸ਼ਾਮਲ ਸਨ। ਸੜਕ ਹਾਦਸੇ ਵਿਚ ਲੁੱਟ ਦਾ ਸ਼ੱਕੀ ਵੀ ਮਾਰਿਆ ਗਿਆ।

ਵੀਰਵਾਰ ਨੂੰ, SIU ਨੇ ਕਿਹਾ ਕਿ ਸ਼ੱਕੀ ਇੱਕ 21 ਸਾਲਾ ਵਿਅਕਤੀ ਸੀ। SIU ਦੇ ਅਨੁਸਾਰ, ਉਸਵੈਨ ਵਿਚ ਇੱਕ ਹੋਰ 38 ਸਾਲਾ ਵਿਅਕਤੀ ਸੀ ਜੋ ਗੰਭੀਰ ਸੱਟਾਂ ਕਰਕੇ ਹਸਤਪਾਲ ਵਿਚ ਭਰਤੀ ਹੈ।

SIU ਨੇ ਇਸ ਕੇਸ ਲਈ ਸੱਤ ਜਾਂਚਕਰਤਾ, ਇੱਕ ਫੋਰੈਂਸਿਕ ਜਾਂਚਕਰਤਾ ਅਤੇ ਇੱਕ ਟੱਕਰ ਮਾਹਰ ਨੂੰ ਨਿਯੁਕਤ ਕੀਤਾ ਹੈ।

ਇਸ ਮਾਮਲੇ ਦੀ ਕੋਈ ਵੀ ਜਾਣਕਾਰੀ, ਵੀਡੀਓ ਜਾਂ ਫੋਟੋਆਂ ਵਾਲੇ ਵਿਅਕਤੀ ਨੂੰ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ।

29 ਅਪ੍ਰੈਲ ਨੂੰ ਬੋਮੈਨਵਿਲ ਦੇ ਇੱਕ LCBO ਤੋਂ ਇਹ ਪੁਲਿਸ ਚੇਜ਼ ਸ਼ੁਰੂ ਹੋਇਆ ਸੀ ਜਦੋਂ ਇੱਕ ਔਫ਼-ਡਿਊਟੀ ਅਫਸਰ ਨੇ ਡਰਹਮ ਪੁਲਿਸ ਨੂੰ ਸ਼ਾਮੀਂ 7:50 ਦੇ ਕਰੀਬ ਲੁੱਟ ਦੀ ਕੋਸ਼ਿਸ਼ ਬਾਰੇ ਸੂਚਨਾ ਦਿੱਤੀ ਸੀ।

ਪੁਲਿਸ ਸ਼ੱਕੀ ਦੀ ਵੈਨ ਦਾ ਪਿੱਛਾ ਕਰਦੀ ਰਹੀ ਪਰ ਕੁਝ ਚਿਰ ਬਾਅਦ ਸ਼ੱਕੀ ਹਾਈਵੇ 401 ‘ਤੇ ਉਲਟੇ ਪਾਸਿਓਂ ਦੀ ਚੜ੍ਹ ਗਿਆ। ਪੁਲਿਸ ਵੀ ਹਾਈਵੇ ‘ਤੇ ਉਲਟੀ ਦਿਸ਼ਾ ਵੱਲ ਜਾਂਦੇ ਸ਼ੱਕੀ ਦਾ ਪਿੱਛਾ ਕਰਦੀ ਰਹੀ ਅਤੇ 8:10 ‘ਤੇ ਘਾਤਕ ਸੜਕ ਹਾਦਸਾ ਵਾਪਰ ਗਿਆ।

SIU ਵੱਲੋਂ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਡਰਹਮ ਪੁਲਿਸ ਵੱਲੋਂ ਸੂਬੇ ਦੇ ਸਭ ਤੋਂ ਵਿਅਸਤ ਹਾਈਵੇਅ ਉੱਪਰ ਉਲਟੀ ਦਿਸ਼ਾ ਵੱਲ ਜਾ ਰਹੀ ਵੈਨ ਦਾ ਪਿੱਛਾ ਕਰਨਾ ਬਹੁਤ ਜ਼ਰੂਰੀ ਸੀ।

ਓਨਟੇਰਿਓ ਕਮਿਊਨਿਟੀ ਸੇਫਟੀ ਐਂਡ ਪੁਲਿਸਿੰਗ ਐਕਟ ਦੇ ਅਨੁਸਾਰ, ਇੱਕ ਪੁਲਿਸ ਅਧਿਕਾਰੀ ਨੂੰ ਉਦੋਂ ਤੱਕ ਕਿਸੇ ਵਾਹਨ ਦਾ ਪਿੱਛਾ ਸ਼ੁਰੂ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਅਧਿਕਾਰੀ ਨੇ ਪਹਿਲਾਂ ਇਹ ਨਿਰਧਾਰਿਤ ਨਾ ਕਰ ਲਿਆ ਹੋਵੇ ਕਿ ਪਿੱਛਾ ਕਰਨ ਦੇ ਨਤੀਜੇ ਵਜੋਂ ਹੋਣ ਵਾਲਾ ਜਨਤਕ ਸੁਰੱਖਿਆ ਲਈ ਖ਼ਤਰਾ, ਸ਼ੱਕੀ ਨੂੰ ਨਾ ਫੜਨ ਕਰਨ ਕਰਕੇ ਪੈਦਾ ਹੋਣ ਵਾਲੇ ਜਨਤਕ ਸੁਰੱਖਿਆ ਲਈ ਖ਼ਤਰੇ ਤੋਂ ਘੱਟ ਹੋਵੇਗਾ।

ਇੱਕ ਪੁਲਿਸ ਰਿਕਾਰਡਿੰਗ ਵਿਚ ਇੱਕ ਪੁਲਿਸ ਅਫਸਰ ਇਹ ਕਹਿੰਦਾ ਸੁਣਿਆ ਗਿਆ ਸੀ ਕਿ ਇਸ ਪਿੱਛਾ ਕਰਨ ਦੌਰਾਨ ਕੋਈ ਜ਼ਖ਼ਮੀ ਹੋ ਸਕਦਾ ਹੈ।

ਡਰਹਮ ਪੁਲਿਸ ਨੇ SIU ਜਾਂਚ ਦਾ ਹਵਾਲਾ ਦਿੰਦਿਆਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ